ਜਬਰ ਜਨਾਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਬਰ-ਜਨਾਹ : ਕਿਸੇ ਔਰਤ ਦੇ ਜਬਰੀ ਸਤ-ਭੰਗ ਕਰਨ ਜਾਂ ਉਸ ਦੇ ਅਪਹਰਣ ਨੂੰ ਜਬਰ-ਜਨਾਹ ਕਿਹਾ ਜਾਂਦਾ ਸੀ। ਜੇਕਰ ਔਰਤ ਨਾਬਾਲਗ ਹੋਵੇ ਅਤੇ ਉਸ ਦੀ ਸਹਿਮਤੀ ਵੀ ਹੋਵੇ ਤਾਂ ਵੀ ਜਬਰ-ਜਨਾਹ ਨੂੰ ਅਪਰਾਧ ਸਮਝਿਆ ਜਾਂਦਾ ਹੈ।

          ਮੁੱਢ ਕਦੀਮ ਤੋਂ ਹੀ ਜਬਰ-ਜਨਾਹ ਸਾਰੇ ਸਮਾਜਾਂ ਵਿਚ ਘ੍ਰਿਣਾਯੋਗ ਅਪਰਾਧ ਮੰਨਿਆ ਜਾਂਦਾ ਰਿਹਾ ਹੈ। ਹਜ਼ਰਤ ਮੂਸਾ ਦੇ ਕਾਨੂੰਨ ਵਿਚ ਕਿਸੇ ਮੰਗੀ ਹੋਈ ਕੁੜੀ ਨਾਲ ਜਬਰ-ਜਨਾਹ ਕਰਨ ਲਈ ਮੌਤ ਦੀ ਸਜ਼ਾ ਦਾ ਵਿਧਾਨ ਸੀ। ਜੇਕਰ ਕੁੜੀ ਕੁਆਰੀ ਹੋਵੇ ਤਾਂ ਉਨ੍ਹਾਂ ਦੇ ਕਾਨੂੰਨ ਅਨੁਸਾਰ ਜਬਰ-ਜਨਾਹ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਉਸ ਕੁੜੀ ਦੇ ਪਿਤਾ ਨੂੰ ਦੇਣਾ ਪੈਂਦਾ ਸੀ ਅਤੇ ਉਸੇ ਕੁੜੀ ਨਾਲ ਵਿਆਹ ਵੀ ਕਰਨਾ ਪੈਂਦਾ ਸੀ। ਰੋਮਨ ਕਾਨੂੰਨ ਵਿਚ ਇਸੇ ਅਪਰਾਧ ਲਈ ਮੌਤ ਦੀ ਸਜ਼ਾ ਨਿਸ਼ਚਿਤ ਸੀ। ਪੁਰਾਤਨ ਹਿੰਦੂ ਕਾਨੂੰਨ ਵਿਚ ਲਿੰਗਕ ਅਪਰਾਧਾਂ ਲਈ ਬਹੁਤ ਸਾਰੀਆਂ ਸਜ਼ਾਵਾਂ ਦੱਸੀਆਂ ਗਈਆਂ ਹਨ।

          ਮੁਢਲੇ ਅੰਗਰੇਜ਼ੀ ਕਾਨੂੰਨ ਵਿਚ ਜਬਰ-ਜਨਾਹ ਨੂੰ ਘੋਰ ਅਪਰਾਧ ਮੰਨਿਆ ਜਾਂਦਾ ਸੀ ਜਿਸ ਦੀ ਸਜ਼ਾ ਮੌਤ ਸੀ। ਅੰਗਰੇਜ਼ੀ ਕਾਨੂੰਨ ਅਨੁਸਾਰ ਅੱਜਕੱਲ੍ਹ ਇਸ ਅਪਰਾਧ ਦੀ ਸਜ਼ਾ ਉਮਰ-ਕੈਦ ਹੈ।

          ਸੰਯੁਕਤ ਰਾਜ ਅਮਰੀਕਾ ਵਿਚ ਜਬਰ-ਜਨਾਹ ਦੀ ਸਜ਼ਾ ਬਹੁਤ ਸਖ਼ਤ ਸੀ। ਅਮਰੀਕਾ ਦੇ ਕੁਝ ਰਾਜਾਂ ਵਿਚ ਇਸ ਅਪਰਾਧ ਦੀ ਸਜ਼ਾ ਮੌਤ ਅਤੇ ਕੁਝ ਰਾਜਾਂ ਵਿਚ ਉਮਰ-ਕੈਦ ਸੀ। ਹੁਣ ਵੀ ਅਮਰੀਕਾ ਦੇ ਕਾਨੂੰਨ ਵਿਚ ਇਸ ਅਪਰਾਧ ਲਈ 40 ਸਾਲ, 60 ਸਾਲ ਜਾਂ 90 ਸਾਲ ਦੀ ਕੈਦ ਅਤੇ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ।

          ਭਾਰਤੀ ਦੰਡ-ਸੰਘਤਾ ਦੀ ਧਾਰਾ 375 ਜਬਰ-ਜਨਾਹ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ ਧਾਰਾ 376 ਇਸ ਅਪਰਾਧ ਲਈ ਸਜ਼ਾ ਦਸਦੀ ਹੈ ਜਿਸ ਅਨੁਸਾਰ ਇਸ ਦੇ ਅਪਰਾਧੀ ਨੂੰ ਉਮਰ ਕੈਦ ਤੱਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਪਰ ਆਮ ਤੌਰ ਤੇ ਸਜ਼ਾ ਸੱਤ ਸਾਲ ਤੱਕ ਹੀ ਕੀਤੀ ਜਾਂਦੀ ਹੈ।

          ਹ. ਪੁ.––ਦੀ ਟ੍ਰਿਬਿਊਨ, ਜੁਲਾਈ 30, 1981


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.